ਅਨੁਭਵ ਦੁਆਰਾ ਸੂਖਮ ਸੁਰਤ ਨਾਲ ਹੀ ਸੁਣੀ ਜਾ ਸਕਦੀ ਹੈ, ਨਾ ਕਿ ਇਹਨਾਂ ਸਥੂਲ ਕੰਨਾ ਨਾਲ।
ਪਰ, ਕਈ ਜਗਿਆਸੂ ਅਪਣੇ ਕੰਨਾਂ ਨੂੰ ਉਂਗਲਾਂ ਨਾਲ ਬੰਦ ਕਰਕੇ ਸ਼ਾਂ-ਸ਼ਾਂ ਦੀ ਆਵਾਜ਼ ਸੁਣਨ ਨੂੰ ਹੀ ਅਨਹਦ-ਧੁਨੀ ਸਮਝਦੇ ਹਨ ਅਤੇ ਇਸੇ ਵਿਚ ਹੀ ਉਹ ਮਸਤ ਰਹਿੰਦੇ ਹਨ, ਜੋ ਕਿ ਉਨ੍ਹਾਂ ਦਾ ਬਹੁਤ ਵੱਡਾ ਭਰਮ-ਭੁਲੇਖਾ ਹੈ।
ਇਥੇ ਇਹ ਗੱਲ ਵਰਣਨ ਕਰਨੀ ਅਤਿ ਜਰੂਰੀ ਹੈ ਕਿ ਗੁਰਬਾਣੀ ਵਿਚ ‘ਪੰਚ ਸ਼ਬਦ’ ਲਫਜ਼ ਬਹੁਤ ਵਾਰੀ ਵਰਤਿਆ ਗਿਆ ਹੈ। ਇਹ ਲਫਜ਼ ਕੇਵਲ ਅਲੰਕਾਰਿਕ ਰੂਪ ਵਿਚ ਆਤਮਿਕ ਅਨੰਦ ਦੀ ਸੰਗੀਤਕ ਧੁਨ ਜਾਂ ਤਰੰਗਾਂ ਨੂੰ ਦਰਸਾਉਣ ਲਈ ਵਰਤੇ ਗਏ ਹਨ। ਕਈ ਜਗਿਆਸੂ ‘ਪੰਚ-ਸ਼ਬਦ’ ਤੋਂ ਪੰਜ ਤਰ੍ਹਾਂ ਦੇ ਸਾਜ਼ਾਂ ਦੀਆਂ ਆਵਾਜ਼ਾਂ ਨੂੰ ਅੰਤਿਸਕਰਨ ਵਿਚ ਸੁਣਨ ਨੂੰ ਹੀ ਅਨਹਦ ਨਾਦ ਮੰਨੀ ਬੈਠੇ ਹਨ। ਕਈ ਮਤ ਪੰਜ ਅੱਖਰਾਂ ਵਾਲੇ ‘ਮੰਤ੍ਰ’ ਨੂੰ ‘ਪੰਚ ਸ਼ਬਦ’ ਮੰਨੀ ਬੈਠੇ ਹਨ। ਇਸ ਤਰ੍ਹਾਂ ਅਸੀਂ ਖਾਮਖਾਹ ਵਾਦ-ਵਿਵਾਦ ਵਿਚ ਪੈ ਜਾਂਦੇ ਹਾਂ।
ਭਾਈ ਗੁਰਦਾਸ ਜੀ ਨੇ ਸਪਸ਼ਟ ਤੌਰ ਤੇ ਨਿਰਣਾ ਦਿੱਤਾ ਹੈ ਕਿ ਨਾਮ ਰਸੀਆ ਤਾਂ ਸਿਰਫ ਆਪਣੀ ‘ਸੁਰਤ’ ਨੂੰ ‘ਸ਼ਬਦ’ ਵਿਚ ਲਿਵਲੀਨ ਕਰਕੇ, ‘ਪੰਚ ਸ਼ਬਦ’ ਜਾਂ ਪੰਜ ਆਵਾਜ਼ਾ ਦੀ ਥਾਂ ਕੇਵਲ ਇਕੋ ਹੀ ਸ਼ਬਦ ਸੁਣਦਾ ਹੈ। ਰਾਗਾਂ-ਨਾਦਾਂ ਦੇ ਝਗੜੇ ਵਿਅਰਥ ਸਮਝ ਕੇ ਕੇਵਲ ‘ਰੱਬੀ ਪ੍ਰੇਮ’ ਦੀ ‘ਚੁੱਪ ਬੋਲੀ’ ਅਥਵਾ ‘ਅਨਹਦ-ਸਬਦ’ ਵਿਚ ਲਿਵਲੀਨ ਹੋ ਕੇ ਮਸਤ ਰਹਿੰਦਾ ਹੈ।
ਰਾਗ ਨਾਦ ਸੰਬਾਦ ਲਖਿ ਭਾਖਿਆ ਭਾਉ ਸੁਭਉ ਅਲਾਏ।(ਵਾ.ਭਾ.ਗੁ. 6/10)