ਤੇ ਸਤਿਗੁਰ ਦੀ ਮੇਹਰ ਨਾਲ, ‘ਸਤਿ ਸੰਗ’ ਨਾਲ, ਉਨ੍ਹਾਂ ਦੇ ਪਿਆਰ ਨਾਲ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਾਲ, ਝਟ ਫੇਰ ਆਪਣੀ ਉਚਾਈ ਤੇ ਜਾ ਪਹੁੰਚਦੀ ਹੈ |
ਜਿਵੇਂ ਕਵੀਆਂ ਦੀ ਸੁਰਤ ਕਿਸੇ ਕਿਸੇ ਵੇਲੇ ਚੜ੍ਹਦੀ ਹੈ, ਇਸ ਤੋਂ ਉਲਟ ਸੰਤਾਂ ਦੀ ‘ਸੁਰਤ’ ਕਿਸੇ ਵਿਰਲੇ ਵੇਲੇ ਹੀ ਆਪਣੇ ਮੁਕੱਰਰ ਅੰਦਾਜ਼ੇ ਥੀਂ, ਜਿਹੜਾ ਬੜਾ ਹੀ ਉਚਾ ਹੈ, ਹਿਠਾਹਾਂ ਆਉਂਦੀ ਹੈ, ਪਰ ਉਸੇ ਵੇਲੇ ਉਨ੍ਹਾਂ ਦੇ ‘ਭਾਅ’ ਦੀ, ਕਿਆਮਤ ਆ ਜਾਂਦੀ ਹੈ |
‘ਨਾਮ’ ਦੇ ਰਸੀਆਂ ਲਈ ਘੜੀ ਘੜੀ ਦੇ ਘੜਿਆਲ ਹਨ, ਗਾਲਾਂ ਕੱਢਦੇ ਕੱਢਦ, ਫੁੱਲ ਵਰਸਾਣ ਲੱਗ ਜਾਂਦੇ ਹਨ,ਫ਼ਕੀਰ ਦੀ ‘ਤਾਬਿਆ’- ਬਾਦਸ਼ਾਹ ਤੇ ਸ਼ੇਰ ਦੀ ਤਾਬਿਆ ਵਰਗੀ ਹੁੰਦੀ ਹੈ, ਬੇ-ਨਿਆਜ਼ ਹੁੰਦੀ ਹੈ, ਉਹ ਸਦਾ ‘ਨਾਮ ਦੇ ਨਸ਼ੇ’ ਵਿਚ ਹੁੰਦਾ ਹੈ, ਇਸ ‘ਨਸ਼ੇ’ ਦੀ ਟੋਟ ਨਹੀਂ | ਜਿਹੜਾ,ਫ਼ਕੀਰ ਨਾਲ ਛੋਹ ਹੀ ਜਾਵੇ - ਉਸ ਦਾ ਵੀ ‘ਭਲਾ’ ਹੋ ਜਾਂਦਾ ਹੈ, ਜਿਉਂ ਚੰਦਨ ਨੂੰ ਛੋਹੋ ਤਾਂ ਖੁਸ਼ਬੂ ਹੀ ਦਿੰਦਾ ਹੈ |
ਅਸਲੀ ਸਿੱਖੀ ਜ਼ਿੰਦਗੀ - ‘ਅਬਿਚਲੀ ਜੋਤਿ’ ਹੈ, ਦੁਨੀਆਂ ਇਸ ਨੂੰ ਤਰਸ ਰਹੀ ਹੈ | ਸਤਿਗੁਰੂ ਮਿਹਰ ਕਰਨ, ਅਸੀਂ ਦੁਨੀਆਂ ਦੇ ਧੰਦਿਆਂ ਵਿਚ ਨਾ ਫਸੀਏ, ਹਾਂ ਜੀ, ਦੁਨੀਆਂ ਸਾਡੇ ਚਰਨ ਧੋਵੇ, ਤੇ ਅਸੀਂ ਜੋਤ ਦੀਆਂ ‘ਮਿਸਾਲਾਂ’ ਹੋ - ਸਾਰੇ ਸੰਸਾਰ ਉਪਰ ਚਾਨਣ ਕਰੀਏ|
ਸਿੱਖੀ ਧਾਰਨ ਕਰਨੀ ਔਖੀ ਜ਼ਰੂਰ ਹੈ, ਪਰ ਹੈ ਉਹ ‘ਚੀਜ਼’, ਜਿਸ ਵਾਸਤੇ ਸਭ ਲੋਕ ਤੜਫ ਰਹੇ ਹਨ, ਤੇ ਲਭਦੀ ਨਹੀਂ |
ਸਾਨੂੰ ਦਰਗਾਹ ਦਾ ਪਤਾ ਹੈ, ਪਰ ਅਸੀਂ ਮੂਰਖ ਬਾਲਕਾਂ ਵਾਂਗ - ਧਰਮਸਾਲ ਛੋੜ, ਹਰਿਮੰਦਰ ਵਲ ਪਿੱਠ ਕਰ, ਦੁਨੀਆਂ ਦੇ ਢਲਦੇ ਪਰਛਾਵਿਆਂ ਵਲ ਦੌੜਨਾ, ਇਕ ਬੜੀ ਦਾਨਾਈ ਸਮਝ ਬੈਠੇ ਹਾਂ |
ਮੇਰਾ ਪ੍ਰਯੋਜਨ ਇਹ ਨਹੀਂ ਕਿ ਅਸਾਂ, ਜਾਨਵਰਾਂ ਵਾਂਗ, ਜੰਗਲ ਕੱਛਣੇ ਹਨ | ਨਹੀਂ, ਸਾਡਾ ਘਰ ਹੋਣਾ ਹੈ, ਜਿਸ ਦਾ ਸਭ ਥੀਂ ਵੱਡਾ ਤੇ ਸੋਹਣਾ ਕਮਰਾ ‘ਧਰਮਸਾਲ’ ਹੋਣੀ ਹੈ, ਜਿਥੇ ਸਾਡੇ ਸਤਿਗੁਰੂ ਦਾ ਦਰਬਾਰ ਹੋਣਾ ਹੈ, ਤੇ ਅਸਾਂ - ਮਾਵਾਂ, ਪੁਤਾਂ, ਵਹੁਟੀਆਂ, ਖਸਮਾਂ, ਬਾਲਾਂ, ਬੱਚਿਆਂ ਨੇ ਸਤਿਗੁਰੂ ਦੇ ਟਹਿਲੀਏ ਬਣ,