ਤੀਸਰਾ ਇਹ, ਕਿ ਜਿਹੜਾ ਸਤਿਗੁਰਾਂ ਦਾ ‘ਸਿੱਖ’ ਹੋਯਾ - ਉਸ ਦੀ ‘ਕਿਸ਼ਤੀ ਦੇ ਰੱਸੇ’ ਸੰਸਾਰ ਨਾਲੋਂ ਮਾਲਕਾਂ ਨੇ ਇਕਦਮ ਖੋਹਲ ਦਿਤੇ ਜਾਣੋ |
‘ਨਾ ਮੈਂ ਕਿਸੀ ਦਾ - ਨਾ ਮੇਰਾ ਕੋਈ’, ਜਿਹਾ ‘ਕੋਰਾ’ ਬਣਨਾ ਜਰੂਰੀ ਹੈ, ਪਰ ਅੰਦਰੋਂ ਦੁਨੀਆਂ ਵਾਲੇ ਕਿਸੇ ਨਾਲ ਪ੍ਰੀਤ ਨਹੀਂ ਲਾਉਣੀ, ਤੇ ਨਾ ਰਿਸ਼ਤੇਦਾਰੀ ਦੀਆਂ ਰੱਸੀਆਂ ਕੱਸਣੀਆਂ ਹਨ |
ਹਾਂ ਜੀ! ਸਿੱਖੀਫ਼ਕੀਰੀ - ਬੜੀ ਨਾਜ਼ਕ ‘ਅਵਸਤੂ’ ਹੈ ਜਿਹੜੀ ਵਸਤੂਆਂ ਦੇ ‘ਛੋਹ’ ਜਾਣ ਨਾਲ ਮੈਲੀ ਹੋ ਜਾਂਦੀ ਹੈ |
ਸਿੱਖਫ਼ਕੀਰਾਂ ਨੂੰ ਦੁਨੀਆਂ ਨਾਲ (ਹਉਂ ਧਾਰੀ ਲੋਕਾਂ ਵਾਂਗ) ‘ਨੇਕੀ’ ਕਰਨ ਦਾ ‘ਬੁਖਾਰ’ ਕਦੀ ਨਹੀਂ ਚੜ੍ਹਦਾ | ਉਨ੍ਹਾਂ ਦੀਆਂ ਅੱਖਾਂ ਸਭ ਦੇ ਪਿੱਛੇ ‘ਰੱਬ’ ਖੜੋਤਾ ਤੱਕਦੀਆਂ ਹਨ, ਇਸ ਵਾਸਤੇ ‘ਅਲਿਪਤ’ ਹੋ ਰਹਿੰਦੇ ਹਨ |
ਇਹ ਇਕ ਤੰਗ ਜਿਹਾ ਰਾਹ ਹੈ, ਪਰ ‘ਜੋਤਿ ਨਿਰੰਕਾਰੀ’ ਦੇ ‘ਅਬਿਚਲ ਨਗਰ’ ਨੂੰ ਇਹੋ ਹੀ ਰਾਹ ਜਾਂਦਾ ਹੈ |
ਅਸਲ ਵਿਚ ਇਹ ‘ਅਲਿਪਤ ਵਰਤੀ’ ਹੀ, ਸੰਸਾਰ ਦਾ ਭਲਾ ਕਰਨੇਹਾਰੇ ਹਨ |
ਹਾਂ ਜੀ! ਇਹ ਦੁਨੀਆਂ ਦਾ ਭਲਾ ਕਰਨ ਵਾਲੇ, ‘ਅਬਿਚਲ ਨਗਰ’ ਪਹੁੰਚੇ ਤੇ ਉਥੋਂ ਦੇ ਵਾਸੀ ਹੋਏ, ਪਰ ਹਾਂ, ਉਨ੍ਹਾਂ ਦੇ ਨਾਮਾਂ ਤੇ ਨਿਸ਼ਾਨਾ ਦੀ, ਜਗਤ ਦੇ ਇਤਿਹਾਸ ਬਣਾਉਣ ਵਾਲਿਆਂ ਨੂੰ ਖਬਰ ਨਹੀਂ | ਸੰਸਾਰ ਦਾ ਅਸਲੀ ਭਲਾ ਕਰਨ ਵਾਲੇ ਗੁਫਾ ਵਿਚੋਂ ਨਿਕਲ ਕੇ ਸੂਲੀਆਂ ਪਰ ਚੜ੍ਹ ਗਏ, ਤੇ ਉਨ੍ਹਾਂ ਦੇ ‘ਸੀਸ’ ਜਿਨ੍ਹਾਂ ਦਾ ਭਲਾ ਕਰਨ ਆਏ, ਉਨ੍ਹਾਂ ਦੀਆਂ ਤਲਵਾਰਾਂ ਨੇ ਉਡਾਏ! ਲੋਕੀ ਪਰਉਪਕਾਰ ਨੂੰ ਉਠ ਭੱਜਦੇ ਹਨ, ਜਿਉਂ ‘ਥੁਕਾਂ’ ਨਾਲ ਵੜੇ ‘ਪੱਕ’ ਜਾਣਗੇ! ਲੋਕੀ ਭਾਈਚਾਰਾ (society) ਬਨਾਣ ਦੇ ਯਤਨਾਂ ਵਿਚ ਹਨ, ਪਰ ਸਚ ਤਾਂ ਇਹ ਹੈ ਕਿ ਜਿਥੇ ਇਕ ਆਦਮੀ ਦੇ ਬਣਾਉਣ ਵਾਸਤੇ ਮਿੰਟ-ਮਿੰਟ ਧੁਰ ਦਰਗਾਹੋਂ ਸੁਨੇਹੇ ਆਂਵਦੇ ਹਨ, ਘੰਟੀ-ਘੜਿਆਲ ਵਜਦੇ ਹਨ, ਕਈ ਫਰਿਸ਼ਤੇ, ਦੇਵਤੇ ਛਾਯਾ ਰਖਦੇ ਹਨ, ਤੇ ਫੇਰ ਅਨੇਕਾਂ ਜਨਮਾਂ ਪਿਛੋਂ, ਇਕ ‘ਰੂਹ’ ਤਿਆਰ ਹੋਂਵਦੀ ਹੈ | ਇਸੇ ਕਾਰਣ ‘ਸੱਚ ਦੇ ਅਭਿਲਾਖੀ’, ਸਿਮਰਨ ਵਾਲੇ ਦੁਨੀਆਂ ਥੀਂ ਸਦਾ ਅਲਿਪਤ ਰਹਿੰਦੇ ਹਨ |
ਲੋਗਨ ਸਿਉ ਮੇਰਾ ਠਾਠਾ ਬਾਗਾ ||
ਬਾਹਰਿ ਸੂਤੁ ਸਗਲ ਸਿਉ ਮਉਲਾ ||
ਅਲਿਪਤੁ ਰਹਉ ਜੈਸੇ ਜਲ ਮਹਿ ਕਉਲਾ ||
ਮੁਖ ਕੀ ਬਾਤ ਸਗਲ ਸਿਉ ਕਰਤਾ ||
ਜੀਅ ਸੰਗਿ ਪ੍ਰਭੁ ਅਪੁਨਾ ਧਰਤਾ ||(ਪੰਨਾ-384)
ਸਗਲ ਚਰਨ ਕੀ ਇਹੁ ਮਨੁ ਰਾਲਾ ||
ਨਾਨਕ ਜਨਿ ਗੁਰੁ ਪੂਰਾ ਪਾਇਆ ||
ਅੰਤਰਿ ਬਾਹਰਿ ਏਕੁ ਦਿਖਾਇਆ ||(ਪੰਨਾ-384)
ਜਿਸ ਗੁਰਸਿੱਖ ਨੇ ਉਪਰਲੇ ‘ਢਾਈ ਅੱਖਰ’ ਪੜ੍ਹ ਲਏ ਹਨ, ਉਸ ਦੀ ਸੁਰਤ ਇਕ ਖਾਸ ਅੰਦਾਜ਼ੇ ਵਿਚ ਰਹਿੰਦੀ ਹੈ | ਆਪਣੇ ਕੇਂਦਰ ਤੋਂ ਹੇਠ ਕਦੀ ਨਹੀਂ ਆਉਂਦੀ, ਜੇ ਆਵੇ ਤਾਂ ਅੰਗ ‘ਮੁੜ-ਮੁੜ’ ਜਾਂਦੇ ਹਨ, ਬੀਮਾਰੀ ਜਿਹੀ ਚਿਮਟ ਜਾਂਦੀ ਹੈ,